ਨਵੀਂ ਦਿੱਲੀ- ਬੀਤੀ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਲਏ ਗਏ ਇਤਿਹਾਸਿਕ ਫੈਸਲੇ ਨਾਲ ਅਕਾਲ ਤਖਤ ਸਾਹਿਬ ਕਿਸੇ ਦਬਾਅ ਅਧੀਨ ਨਹੀਂ ਹੈ ਦਾ ਪੰਥ ਅੰਦਰ ਸੁਨੇਹਾ ਗਿਆ ਸੀ । ਪਰ ਹਾਲੇ ਤਕ ਉਨ੍ਹਾਂ ਫੈਸਲਿਆਂ ਉਪਰ ਕਾਰਵਾਈ ਨਾ ਹੋਣਾ ਮੁੜ ਤੋਂ ਪੰਥ ਅੰਦਰ ਨਮੋਸ਼ੀ ਪੈਦਾ ਕਰ ਰਿਹਾ ਹੈ ਇਸ ਲਈ ਜੱਥੇਦਾਰ ਅਕਾਲ ਤਖਤ ਸਾਹਿਬ ਵਲੋਂ ਪੰਥ ਨੂੰ ਦਸਣਾ ਚਾਹੀਦਾ ਹੈ ਕਿ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਲਏ ਗਏ ਫੈਸਲਿਆਂ ਅੰਦਰ ਕਿਤਨੇ ਫੈਸਲੇ ਲਾਗੂ ਹੋ ਗਏ ਹਨ ਤੇ ਕਿਤਨੇ ਬਾਕੀ ਹਨ, ਜੋ ਬਾਕੀ ਹਨ ਓਹ ਕਦੋ ਤਕ ਲਾਗੂ ਕਰਵਾਏ ਜਾਣਗੇ । ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਸਿੱਖ ਫੈਡਰੇਸ਼ਨ ਯੂਕੇ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਗਿੱਲ, ਬੀ ਪੀ ਓ ਭਾਈ ਦਬਿੰਦਰਜੀਤ ਸਿੰਘ, ਮੈਂਬਰ ਕੁਲਦੀਪ ਸਿੰਘ ਚਹੇੜੁ, ਹਰਦੀਸ਼ ਸਿੰਘ, ਨਰਿੰਦਰਜੀਤ ਸਿੰਘ ਅਤੇ ਜਤਿੰਦਰ ਸਿੰਘ ਨੇ ਮੀਡੀਆ ਨੂੰ ਜਾਰੀ ਕੀਤੇ ਇਕ ਬਿਆਨ ਰਾਹੀਂ ਕਰਦਿਆਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਬਾਕੀ ਅਕਾਲੀ ਆਗੂਆਂ ਵਲੋਂ ਆਪਣੀ ਬਾਕੀ ਤਨਖਾਹ ਤਾਂ ਮੁਕੰਮਲ ਕਰ ਲਈ ਗਈ ਹੈ, ਪਰ ਅਕਾਲੀ ਦਲ ਦੀ ਵਰਕਿੰਗ ਕਮੇਟੀ ਵਲੋਂ ਅਜੇ ਤੱਕ ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਸੁਖਬੀਰ ਸਮੇਤ ਕੁਝ ਹੋਰ ਅਕਾਲੀ ਆਗੂਆਂ ਵਲੋਂ ਦਿੱਤੇ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਤੇ ਉਨ੍ਹਾਂ ਨੂੰ ਇਸ ਲਈ ਹੋਰ ਸਮਾਂ ਦੇ ਦਿੱਤਾ ਗਿਆ । ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਫਸੀਲ ਤੋਂ ਦਿੱਤਾ ਗਿਆ ਹਰ ਹੁਕਮ ਪੱਥਰ ‘ਤੇ ਲਕੀਰ ਵਾਂਗ ਹੁੰਦਾ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ, ਪਰ ਹੈਰਾਨੀ ਦੀ ਗੱਲ ਹੈ ਕਿ ਬੀਤੀ 2 ਦਸੰਬਰ ਨੂੰ ਪੰਜ ਸਿੰਘ ਸਾਹਿਬਾਨ ਨੇ ਫਸੀਲ ਤੋਂ ਆਦੇਸ਼ ਜਾਰੀ ਕੀਤਾ, ਉਨ੍ਹਾਂ ਨੂੰ ਹੀ ਸਕੱਤਰੇਤ ਤੋਂ ਹੇਰ-ਫੇਰ ਕਰਕੇ ਬਦਲ ਦਿਤਾ ਗਿਆ। ਜੱਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਇਹ ਸਤਿਥੀ ਸਪਸ਼ਟ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਕਿਸਦੇ ਕਹਿਣ ਤੇ ਜਾਂ ਕਿਸੇ ਦਬਾਅ ਹੇਠ ਇਹ ਸਭ ਕੀਤਾ ਉਪਰੰਤ ਹਾਲੇ ਤਕ ਅਕਾਲੀ ਦਲ ਨੂੰ ਭੰਗ ਕਰਵਾ ਕੇ ਨਵੇਂ ਔਹਦੇਦਾਰਾਂ ਦੀ ਚੋਣ ਲਈ ਉਨ੍ਹਾਂ ਵਲੋਂ ਬਣਾਈ ਗਈ ਕਮੇਟੀ ਦੀ ਕੀ ਕਾਰਗੁਜਾਰੀ ਹੈ । ਉਨ੍ਹਾਂ ਕਿਹਾ ਕਿ ਸਿੰਘ ਸਾਹਿਬਾਨ ਵਲੋਂ ਲਗਾਈ ਗਈ ਧਾਰਮਿਕ ਤਨਖਾਹ ਉਦੋਂ ਹੀ ਮੁਕੰਮਲ ਹੋਵੇਗੀ, ਜਦੋਂ ਉਨ੍ਹਾਂ ਵਲੋਂ ਜਾਰੀ ਸਾਰੇ ਆਦੇਸ਼ਾਂ ਦਾ ਇੰਨ-ਬਿੰਨ ਪਾਲਣ ਹੋ ਜਾਵੇਗਾ । ਅਕਾਲੀ ਦਲ ਦੀ ਵਰਕਿੰਗ ਕਮੇਟੀ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਕਰਨ ਸੰਬੰਧੀ ਅਜੇ ਤੱਕ ਢਿਲ ਮੱਠ ਦਿਖਾਣ ਨਾਲ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਦੀ ਜਾਣਬੁਝ ਕੇ ਉਲੰਘਣਾ ਕਰ ਰਿਹਾ ਹੈ।