ਨਵੀਂ ਦਿੱਲੀ -ਪੱਛਮੀ ਦਿੱਲੀ ਦੇ ਗੁਰਦਵਾਰਾ ਰਾਜੋਰੀ ਗਾਰਡਨ ਵਿੱਚ ਚੱਲ ਰਹੇ ਸੁਪਰ ਸਪੈਸ਼ਲਿਸਟ ਕਲੀਨਿਕ ਵਿੱਚ ਹਾਰਟ ਨਾਲ ਜੁੜੀਆਂ ਬਿਮਾਰੀਆਂ ਦੇ ਟੈਸਟ ਕਰਨ ਲਈ ਨਵੀਂ ਮਸ਼ੀਨ ਲਗਾਈ ਗਈ ਹੈ ਜਿਸ ਦਾ ਉਧਘਾਟਨ ਪੰਜਾਬ ਐਂਡ ਸਿੰਧ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਪੂਰਵ ਚੇਅਰਮੈਨ ਐਸ ਐਸ ਕੋਹਲੀ ਦੁਆਰਾ ਕੀਤਾ ਗਿਆ। ਇਸ ਮੌਕੇ 'ਤੇ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਸਰਦਾਰ ਹਰਮਨਜੀਤ ਸਿੰਘ, ਸਕੱਤਰ ਮਨਜੀਤ ਸਿੰਘ ਖੰਨਾ, ਸੁਪਰ ਸਪੈਸ਼ਲਿਸਟ ਕਲੀਨਿਕ ਦੇ ਚੇਅਰਮੈਨ ਅਜੀਤ ਸਿੰਘ ਮੋਂਗਾ, ਬਲਦੀਪ ਸਿੰਘ ਰਾਜਾ, ਪ੍ਰੀਤਪ੍ਰਤਾਪ ਸਿੰਘ, ਹਰਜੀਤ ਸਿੰਘ ਰਾਜਾ ਬਖ਼ਸ਼ੀ, ਹਰਨੀਕ ਸਿੰਘ ਆਦਿ ਮੌਜੂਦ ਸਨ। ਗੁਰਦਵਾਰਾ ਸਾਹਿਬ ਦੇ ਹੈਡ ਗ੍ਰੰਥੀ ਸਾਹਿਬ ਵਲੋਂ ਅਰਦਾਸ ਕਰਨ ਦੇ ਬਾਅਦ ਲਗਾਈ ਗਈ ਮਸ਼ੀਨ ਦਾ ਉਧਘਾਟਨ ਕੀਤਾ ਗਿਆ।
ਸ. ਹਰਮਨਜੀਤ ਸਿੰਘ ਨੇ ਦੱਸਿਆ ਕਿ ਇਸ ਮਸ਼ੀਨ ਦੇ ਲਗਣ ਨਾਲ ਹਾਰਟ ਨਾਲ ਜੁੜੀਆਂ ਬਿਮਾਰੀਆਂ ਲਈ ਇੱਕੋ, ਸਟਰੈੱਸ ਇੱਕੋ, ਟੀਐਮਟੀ, ਹੋਟਲਰ ਟੈਸਟ, ਟਵੈਲਵ ਚੈਨਲ ਈਸੀਜੀ ਆਦਿ ਦੇ ਟੈਸਟ ਬਾਜ਼ਾਰ ਦੇ ਮੁਕਾਬਲੇ ਕਾਫੀ ਘੱਟ ਰੇਟ 'ਤੇ ਕਰਵਾਏ ਜਾਣਗੇ। ਇਸ ਤੋਂ ਪਹਿਲਾਂ ਡਾਇਲੇਸਿਸ ਸੈਂਟਰ, ਕੀਮੋ ਥੈਰੇਪੀ, ਮੈਮੋਗ੍ਰਾਫੀ, ਡੈਂਟਲ, ਮੋਤਿਆਬਿੰਦ ਸਮੇਤ ਕਈ ਬਿਮਾਰੀਆਂ ਦੇ ਟੈਸਟ ਇੱਥੇ ਕੀਤੇ ਜਾਂਦੇ ਹਨ। ਉਨ੍ਹਾਂ ਦਸਿਆ ਕਿ ਗੁਰਦੁਆਰਾ ਸਾਹਿਬ ਵਿਖ਼ੇ ਗੁਰੁਨਾਨਕ ਦੇਵ ਜੀ ਦੇ ਨਾਮ ਨਾਲ ਦਵਾਈਆਂ ਦਾ ਮੋਦੀਖ਼ਾਨਾ ਵੀ ਚਲਾਇਆ ਜਾ ਰਿਹਾ ਹੈ ਜਿਸ ਵਿੱਚ ਬਹੁਤ ਹੀ ਘੱਟ ਰੇਟ 'ਤੇ ਦਵਾਈਆਂ ਉਪਲਬਧ ਕਰਵਾਈਆਂ ਜਾਂਦੀਆਂ ਹਨ ਅਤੇ ਜਰੂਰਤਮੰਦਾਂ ਲਈ ਇਹ ਸੇਵਾ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ। ਸ. ਐਸ ਐਸ ਕੋਹਲੀ ਨੇ ਸ. ਹਰਮਨਜੀਤ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਦਾ ਮਨੁੱਖਤਾ ਦੀ ਸੱਚੀ ਸੇਵਾ ਕਰਨ ਲਈ ਧੰਨਵਾਦ ਕੀਤਾ ਅਤੇ ਗੁਰੂ ਮਹਾਰਾਜ ਤੋਂ ਅਰਦਾਸ ਕੀਤੀ ਕਿ ਪ੍ਰਮਾਤਮਾ ਇਸ ਟੀਮ ਨੂੰ ਸ਼ਕਤੀ ਦੇਵੇ ਤਾਂ ਜੋ ਅੱਗੇ ਵੀ ਇਸ ਤਰ੍ਹਾਂ ਦੀਆਂ ਸੇਵਾਵਾਂ ਜਾਰੀ ਰੱਖੀਆਂ ਜਾ ਸਕਣ।