ਅੰਮ੍ਰਿਤਸਰ-ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਆਈ. ਐਸ. ਟੀ. ਈ. ਵਿਦਿਆਰਥੀ ਚੈਪਟਰ ਰੈਂਚ-ਇਨ ਅਧੀਨ ਰਾਸ਼ਟਰੀ ਪੱਧਰ ਦਾ ਸਾਲਾਨਾ ਤਕਨੀਕੀ-ਮਹਿਮਾਨ ‘ਟੈਕ ਉਰਜਾ-2ਕੇ25’ ਦਾ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਸ਼ਾਨਦਾਰ ਅਗਾਜ਼ ਕੀਤਾ ਗਿਆ। ਇਸ 2 ਰੋਜ਼ਾ ਸਮਾਗਮ ’ਚ 50 ਤੋਂ ਵਧੇਰੇ ਕਾਲਜਾਂ ਅਤੇ ਸਕੂਲਾਂ ਦੇ ਲਗਭਗ 800 ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੋਗਰਾਮਾਂ ’ਚ ਹਿੱਸਾ ਲਿਆ।
ਇਸ ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਉਪਰੰਤ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਵੱਲੋਂ ਸ: ਛੀਨਾ, ਵਿਸ਼ੇਸ਼ ਮਹਿਮਾਨ ਸ੍ਰੀ ਸੰਜੀਵ ਸ਼ਰਮਾ (ਮੁਖੀ ਘਰੇਲੂ ਤੇ ਮਾਰਕੀਟਿੰਗ, ਲਾਰਸਨ ਐਂਡ ਟੂਬਰੋ), ਸ: ਜਸਵੰਤ ਸਿੰਘ (ਬ੍ਰਾਂਚ ਮੈਨੇਜਰ, ਚੰਡੀਗੜ੍ਹ ਲਾਰਸਨ ਐਂਡ ਟੂਬਰੋ) ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ।
ਇਸ ਮੌਕੇ ਸ: ਛੀਨਾ ਨੇ ਸੰਬੋਧਨ ਕਰਦਿਆਂ ਡਾ. ਬਾਲਾ ਅਤੇ ਉਨ੍ਹਾਂ ਦੀ ਟੀਮ ਨੂੰ ਉਕਤ ਸਮਾਗਮ ਦੇ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਅਤੇ ਟੀਮ ਵਰਕ ’ਤੇ ਵਧੇਰੇ ਕੇਂਦ੍ਰਿਤ ਹੋਣ ਲਈ ਮਾਰਗਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਇਕ ਤਕਨੀਕੀ ਸੰਸਥਾ ਦਾ ਹਿੱਸਾ ਹੋਣ ਦੇ ਨਾਤੇ, ਇਹ ਹਰੇਕ ਵਿਦਿਆਰਥੀ ਦਾ ਨੈਤਿਕ ਫਰਜ਼ ਹੈ ਕਿ ਉਹ ਸਮਾਜ ਅਤੇ ਰਾਸ਼ਟਰ ਦੇ ਭਲੇ ਅਤੇ ਉੱਨਤੀ ਲਈ ਨਵੀਨਤਾਵਾਂ ਅਤੇ ਤਕਨਾਲੋਜੀ ਨੂੰ ਲਾਗੂ ਕਰੇ। ਸ: ਛੀਨਾ ਨੇ ਸਮਾਗਮ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਜਿਹੇ ਸਮਝੌਤੇ ਵਿਦਿਆਰਥੀਆਂ ਨੂੰ ਅਸਲ ਦੁਨੀਆਂ ਦੀਆਂ ਸਮੱਸਿਆਵਾਂ ਲਈ ਮਾਰਗਦਰਸ਼ਨ ਕਰਨ ਲਈ ਇਕ ਕਦਮ ਅੱਗੇ ਹਨ।
ਇਸ ਤੋਂ ਪਹਿਲਾਂ ਸ੍ਰੀ ਸ਼ਰਮਾ ਅਤੇ ਡਾ. ਮੰਜ਼ੂ ਬਾਲਾ ਦਰਮਿਆਨ ਸਮਝੌਤਾ ਵੀ ਹੋਇਆ। ਸ੍ਰੀ ਸ਼ਰਮਾ ਨੇ ਕਿਹਾ ਕਿ ਕਾਲਜ ਨਾਲ ਸਹਿਯੋਗ ਕਰਕੇ ਬਹੁਤ ਹੀ ਖੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤਹਿਤ ਕਾਲਜ ਦੇ ਵਿਦਿਆਰਥੀ ਉਦਯੋਗ ਅਤੇ ਅਕਾਦਮਿਕ ਖੇਤਰ ਵਿਚਕਾਰ ਪਾੜੇ ਨੂੰ ਪੂਰਾ ਕਰਨ ਲਈ ਵੱਖ-ਵੱਖ ਉਦਯੋਗ-ਮੁਖੀ ਕੋਰਸ ਕਰਨਗੇ ਅਤੇ ਵਿਦਿਆਰਥੀਆਂ ਨੂੰ ਨੌਕਰੀ ਲਈ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਐਮ. ਓ. ਯੂ. ਰਾਹੀਂ ਵਿਦਿਆਰਥੀ ਉਦਯੋਗ ਅਤੇ ਸਿੱਖਿਆ ਦੇ ਵਿਚਕਾਰ ਜੀ. ਪੀ. ਨੂੰ ਜੋੜਨ ਲਈ ਵੱਖ-ਵੱਖ ਐਡ-ਆਨ ਕੋਰਸਾਂ ਦੀ ਪੜ੍ਹਾਈ ਕਰਨਗੇ।
ਇਸ ਤੋਂ ਪਹਿਲਾਂ ਡਾ. ਬਾਲਾ ਨੇ ਆਪਣੇ ਉਦਘਾਟਨੀ ਭਾਸ਼ਣ ’ਚ ਮੁੱਖ ਮਹਿਮਾਨ, ਹੋਰ ਸੰਸਥਾਵਾਂ ਦੇ ਭਾਗੀਦਾਰਾਂ ਅਤੇ ਫੈਕਲਟੀ ਦਾ ਸਵਾਗਤ ਕਰਦਿਆਂ ਤਕਨੀਕੀ ਸਿੱਖਿਆ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਆਧੁਨਿਕ ਦੁਨੀਆ ’ਚ ਨਵੀਨਤਾ ਅਤੇ ਸਿਰਜਣਾਤਮਕਤਾ ਸਫਲਤਾ ਦੇ ਦੋ ਮੰਤਰ ਹਨ। ਉਨ੍ਹਾਂ ਕਿਹਾ ਕਿ ਅੱਜ ਪਹਿਲੇ ਦਿਨ ਕੋਡ ਵਾਰੀਅਰ, ਵੈੱਬ ਵਾਰ, ਆਈ. ਟੀ. ਚਾਰਟ/ਕੋਲਾਜ, ਮਸ਼ੀਨ ਡਰਾਇੰਗ, ਸਾਲਿਡ ਮਾਡਲਿੰਗ, ਬ੍ਰਿਜ ਬਿਲਡਿੰਗ, ਸਰਵੇ ਹੰਟ, ਆਟੋ-ਕੈਡ, ਐਨਾਟੋਮੀ ਪੇਂਟਿੰਗ, ਲਾਜਿਕ ਬਿਲਡਰ (ਸੀ ਅਤੇ ਸੀ++ ’ਚ ਪ੍ਰੋਗਰਾਮਿੰਗ), ਕੰਪਿਊਟਰ ਗੀਕ ਆਦਿ ਕਈ ਤਰ੍ਹਾਂ ਦੇ ਤਕਨੀਕੀ ਪ੍ਰੋਗਰਾਮ ਆਯੋਜਿਤ ਕੀਤੇ ਗਏ ਸਨ।
ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਇਸ ਦੌਰਾਨ ਕੁਇਜ਼ਪੀਡੀਆ, ਐਕਸਟੈਂਪੋਰ, ਗਰੁੱਪ ਡਿਸਕਸ਼ਨ, ਨੋ ਫਲੇਮ ਕੁਕਿੰਗ, ਮੌਕ-ਟੇਲ ਅਤੇ ਟਾਵਲ ਆਰਟ ਦੀ ਤਿਆਰੀ ਆਦਿ ਵਰਗੇ ਆਮ ਗੈਰ-ਤਕਨੀਕੀ ਪ੍ਰੋਗਰਾਮ ਵੀ ਸ਼ਾਮਿਲ ਸਨ। ਇਸ ਤੋਂ ਇਲਾਵਾ ਵੱਖ-ਵੱਖ ਕਾਲਜਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੇ ਨਵੀਨਤਮ ਤਕਨਾਲੋਜੀਆਂ ’ਤੇ ਆਧਾਰਿਤ ਵਰਕਿੰਗ ਮਾਡਲਾਂ ਰਾਹੀਂ ਆਪਣੇ ਨਵੀਨਤਾਕਾਰੀ ਵਿਚਾਰ ਪੇਸ਼ ਕੀਤੇ।