ਚੰਡੀਗੜ - ਸੁਖਬੀਰ ਬਾਦਲ ਧੜੇ ਵਲੋਂ ਅੱਜ ਪੰਥ ਵਿਰੋਧੀ ਸਾਜਿਸ਼ ਨੂੰ ਅੱਗੇ ਤੋਰਦਿਆਂ ਦਿੱਲੀ ਤੋਂ ਬੁਲਾਏ ਬੁਲਾਰਿਆਂ ਜ਼ਰੀਏ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਰਘੁਬੀਰ ਸਿੰਘ ਤੇ ਉਂਗਲ ਚੁੱਕਣੀ ਸ਼ੁਰੂ ਕਰ ਦਿੱਤੀ ਗਈ ਹੈ। ਜਾਰੀ ਬਿਆਨ ਵਿੱਚ ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ, ਅੱਜ ਇੱਕ ਧੜਾ ਆਪਣੀ ਪੰਥ ਅਤੇ ਕੌਮ ਵਿਰੁੱਧ ਵਿੱਢੀ ਸਾਜਿਸ਼ ਦੇ ਚਲਦੇ ਤਖ਼ਤ ਸਾਹਿਬਾਨਾਂ ਦੇ ਸਤਿਕਾਰਯੋਗ ਜੱਥੇਦਾਰਾਂ ਦੀ ਕਿਰਦਾਰਕੁਸ਼ੀ ਕਰ ਰਿਹਾ ਹੈ, ਓਹਨਾ ਕਿਹਾ ਕਿ, ਅੱਜ ਪਰਮਜੀਤ ਸਿੰਘ ਸਰਨਾ ਨੇ ਗਿਆਨੀ ਰਘੁਬੀਰ ਸਿੰਘ ਜੀ ਦੀ ਫੇਸਬੁੱਕ ਪੋਸਟ ਤੇ ਇਹ ਸਵਾਲ ਚੁੱਕ ਕੇ, ਕਿ ਗਿਆਨੀ ਹਰਪ੍ਰੀਤ ਸਿੰਘ ਜੀ ਹੱਕ ਵਿੱਚ ਜਾਰੀ ਪੋਸਟ ਕਿਸੇ ਹੋਰ ਵਿਅਕਤੀ ਤੋਂ ਤਿਆਰ ਕਰਵਾਈ ਗਈ ਸੀ, ਇਹੋ ਜਿਹੇ ਦੋਸ਼ ਸਿੰਘ ਸਾਹਿਬ ਤੇ ਲਗਾਉਣਾ, ਆਪਣੇ ਆਪ ਵਿੱਚ ਵੱਡੀ ਸਾਜਿਸ਼ ਹੈ ਇਸ ਤੋਂ ਵੱਡੀ ਸਾਜ਼ਿਸ਼ ਕੋਈ ਹੋਰ ਹੋ ਨਹੀਂ ਸਕਦੀ। ਇਸ ਤੋਂ ਇਹ ਸਪਸ਼ਟ ਹੈ ਕਿ ਇਸ ਵਿਅਕਤੀ ਵਿਸ਼ੇਸ਼ ਦੇ ਉਸਾਰੇ ਧੜੇ ਦੇ ਆਗੂਆਂ ਵਿੱਚ ਸਿੰਘ ਸਾਹਿਬਾਨਾਂ ਦਾ ਸਤਿਕਾਰ ਕਦੇ ਨਹੀਂ ਰਿਹਾ ਅਤੇ ਇਹ ਲੋਕ ਹਮੇਸ਼ਾ ਤਖ਼ਤ ਅਤੇ ਤਖ਼ਤ ਤੇ ਬੈਠੇ ਸਿੰਘ ਸਾਹਿਬਾਨਾਂ ਨੂੰ ਨੀਵਾਂ ਦਿਖਾਉਂਦੇ ਆਏ ਹਨ।
ਜੱਥੇਦਾਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਅੱਜ ਸੁਖਬੀਰ ਧੜਾ ਪਰਮਜੀਤ ਸਿੰਘ ਸਰਨਾ ਤੋਂ ਇਲਜਾਮ ਲਗਵਾ ਰਿਹਾ ਹੈ, ਜਿਹਨਾਂ ਦੀ ਦੋਸਤੀ ਚੌਰਾਸੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਦੋਸ਼ੀਆਂ ਸੱਜਣ ਕੁਮਾਰ ਅਤੇ ਟਾਈਟਲਰ ਵਰਗਿਆਂ ਨਾਲ ਰਹੀ ਹੈ। ਆਪਣੀ ਦੋਸਤੀ ਨੂੰ ਪਗਾਉਣ ਲਈ ਪਰਮਜੀਤ ਸਿੰਘ ਸਰਨਾ ਨੇ ਨਾ ਸਿਰਫ ਸੱਜਣ ਕੁਮਾਰ ਨੂੰ ਸਿਰੋਪਾਓ ਦਿੱਤਾ ਸਗੋ ਇਸ ਗੱਲ ਨੂੰ ਖੁਸ਼ੀ ਭਰੇ ਮਨ ਨਾਲ ਕਬੂਲ ਤੱਕ ਕੀਤਾ ਸੀ।
ਜੱਥੇਦਾਰ ਛੋਟੇਪੁਰ ਨੇ ਕਿਹਾ ਕਿ, ਪਰਮਜੀਤ ਸਿੰਘ ਸਰਨਾ, ਕਾਂਗਰਸ ਰਾਜ ਵੇਲੇ ਗਾਂਧੀ ਪਰਿਵਾਰ ਦੇ ਬੇਹੱਦ ਕਰੀਬੀ ਰਹੇ ਹਨ। ਮਾਨਸਿਕ ਅਤੇ ਵਿਚਾਰਧਾਰਿਕ ਤੌਰ ਤੇ ਕਾਂਗਰਸ ਨੂੰ ਸਮਰਪਿਤ ਪਰਮਜੀਤ ਸਿੰਘ ਸਰਨਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਦੀ ਵਿਅਕਤੀ ਵਿਸ਼ੇਸ਼ ਦੇ ਇਸ਼ਾਰੇ ਤੇ ਕਿਰਦਾਰਕੁਸ਼ੀ ਕਰ ਰਹੇ ਹਨ।
ਜਾਰੀ ਬਿਆਨ ਵਿੱਚ ਜਥੇਦਾਰ ਛੋਟੇਪੁਰ ਨੇ ਕਿਹਾ, ਜੇਕਰ ਬੀਜੇਪੀ ਨਾਲ ਸਾਂਝ ਦਾ ਸਭ ਤੋਂ ਵੱਧ ਸਿਆਸੀ ਲਾਹਾ ਲਿਆ ਤਾਂ ਉਹ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਨੇ ਲਿਆ। ਆਪਣੇ ਨਿੱਜੀ ਸਵਾਰਥੀ ਸਿਆਸੀ ਹਿੱਤਾਂ ਦੀ ਪੂਰਤੀ ਹੇਤੁ ਸਮੁੱਚੇ ਪੰਥ ਅਤੇ ਅਕਾਲੀ ਦਲ ਨੂੰ ਬੀਜੇਪੀ ਕੋਲ ਗਿਰਵੀ ਰੱਖਿਆ, ਜਿਸ ਕਾਰਨ ਪੰਥਕ ਅਤੇ ਕਿਸਾਨੀ ਧੁਰਾ ਅਕਾਲੀ ਦਲ ਤੋਂ ਬਗਾਵਤ ਕਰ ਗਿਆ।
ਜਾਰੀ ਬਿਆਨ ਵਿੱਚ ਜੱਥੇਦਾਰ ਛੋਟੇਪੁਰ ਨੇ ਕਿਹਾ ਕਿ, ਜਦੋਂ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਜਾਂਚ ਵਿੱਚ ਕੁਝ ਨਹੀਂ ਮਿਲਿਆ ਤਾਂ ਹੁਣ ਓਹਨਾ ਨੂੰ ਭੰਡਣ ਅਤੇ ਕਿਰਦਾਰਕੁਸ਼ੀ ਲਈ ਦਿੱਲੀ ਤੋਂ ਪੰਥ ਦੇ ਨਕਾਰੇ ਲੋਕ ਬੁਲਾਏ ਗਏ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਕੱਢੇ ਨਕਾਰੇ ਆਗੂ ਨੂੰ ਹੀ ਬੁਲਾਇਆ ਗਿਆ ਹੈ, ਕਿਉਂਕਿ ਪੰਜਾਬ ਦੇ ਲੀਡਰਾਂ ਨੇ ਤਖ਼ਤ ਸਾਹਿਬ ਤੋਂ ਭਗੌੜੀ ਹੋਈ ਜਮਾਤ ਨਾਲ ਖੜਨ ਤੋਂ ਕੋਰੀ ਨਾਂਹ ਕਰਨੀ ਸ਼ੁਰੂ ਕਰ ਦਿੱਤੀ ਹੈ।
ਇਸ ਦੇ ਨਾਲ ਜੱਥੇਦਾਰ ਛੋਟੇਪੁਰ ਨੇ ਕਿਹਾ, ਅੱਜ ਤਖ਼ਤ ਸਾਹਿਬ ਤੋ ਭਗੌੜਾ ਲੀਡਰਸ਼ਿਪ ਦੇ ਚਿਹਰੇ ਬੇਨਕਾਬ ਹੋ ਚੁੱਕੇ ਹਨ, ਕਿ ਇਹ ਭਗੌੜਾ ਲੀਡਰਸ਼ਿਪ ਵੋਟਾਂ ਖਾਤਿਰ ਬੰਦੀ ਸਿੰਘਾਂ ਦੇ ਮੁੱਦੇ ਨੂੰ ਵਰਤਦੀ ਹੈ ਅਸਲ ਵਿੱਚ ਜਿਨ੍ਹਾਂ ਕਰਕੇ ਸਿੰਘ ਸੂਰਮੇ ਬੰਦੀ ਸਿੰਘ ਬਣੇ ਓਹਨਾ ਨਾਲ ਨਿੱਜੀ ਅਤੇ ਪਰਿਵਾਰਕ ਸਾਂਝਾ ਵਿਆਹ ਸਮਾਗਮ ਵਿੱਚ ਜੱਗ ਜ਼ਾਹਰ ਹੋ ਗਈਆਂ ਹਨ। ਸੁਖਬੀਰ ਸਿੰਘ ਬਾਦਲ ਪਰਿਵਾਰ ਦੇ ਨਿੱਜੀ ਸਮਾਗਮ ਵਿੱਚ ਓਹਨਾ ਕਾਂਗਰਸੀ ਪਰਿਵਾਰਾਂ ਦੀ ਸ਼ਮੂਲੀਅਤ, ਜਿਹਨਾਂ ਕਾਂਗਰਸੀ ਪਰਿਵਾਰਾਂ ਦੇ ਮੁਖੀਆਂ ਤੇ ਸਿੱਖਾਂ ਦੀ ਜਵਾਨੀ ਨੂੰ ਕਾਲੇ ਦੌਰ ਵਿੱਚ ਕੋਹ ਕੋਹ ਕੇ ਮਾਰਨ ਦੇ ਦੋਸ਼ ਲਾਉਂਦੇ ਆਏ ਹਨ, ਤੇ ਹੁਣ ਸੁਖਬੀਰ ਸਿੰਘ ਬਾਦਲ ਦੀ ਅਜਿਹੇ ਪਰਿਵਾਰਾਂ ਨਾਲ ਅੰਦਰਲੀ ਸਾਂਝ ਤੇ ਦੋਸਤੀ ਸਾਬਿਤ ਕਰਦੀ ਹੈ ਕਿ ਇਹਨਾਂ ਲੋਕਾਂ ਲਈ ਕਦੇ ਵੀ ਬੰਦੀ ਸਿੰਘਾਂ ਦਾ ਮੁੱਦਾ ਜਾਂ ਪੰਥਕ ਭਾਵਨਾਵਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਿਰਫ ਤੇ ਸਿਰਫ ਰਾਜਨੀਤੀ ਹੈ।