ਨਵੀਂ ਦਿੱਲੀ -ਦਿੱਲੀ ਦੀ ਅਦਾਲਤ ਨੇ 1984 ਸਿੱਖ ਕਤਲੇਆਮ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਅਦਾਲਤ ਨੇ ਟਾਈਟਲਰ ਦੇ ਖਿਲਾਫ ਕਤਲ, ਗੈਰ-ਕਾਨੂੰਨੀ ਇਕੱਠ, ਦੰਗੇ ਭੜਕਾਉਣ, ਵੱਖ-ਵੱਖ ਗਰੁੱਪਾਂ ਨੂੰ ਇਕ-ਦੂਜੇ ਖਿਲਾਫ ਭੜਕਾਉਣ, ਘਰਾਂ 'ਚ ਜ਼ਬਰਦਸਤੀ ਦਾਖਲ ਹੋਣ ਅਤੇ ਚੋਰੀ ਕਰਨ ਦੇ ਦੋਸ਼ ਤੈਅ ਕੀਤੇ ਹਨ। ਇਸ ਲਈ ਹੁਣ ਇਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਹੀ ਟਾਈਟਲਰ ਖ਼ਿਲਾਫ਼ ਕੇਸ ਅੱਗੇ ਵਧੇਗਾ। ਅਦਾਲਤ ਨੇ 30 ਅਗਸਤ ਨੂੰ ਪਿਛਲੀ ਸੁਣਵਾਈ ਦੌਰਾਨ ਕਿਹਾ ਸੀ ਕਿ 20 ਮਈ 2023 ਨੂੰ ਸੀਬੀਆਈ ਨੇ ਟਾਈਟਲਰ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਨ ਲਈ ਕਾਫੀ ਸਬੂਤ ਦਿੱਤੇ ਸਨ। ਜਿਸ ਵਿਚ ਕਿਹਾ ਗਿਆ ਸੀ ਕਿ ਟਾਈਟਲਰ ਨੇ ਭੀੜ ਨੂੰ ਭੜਕਾਇਆ ਸੀ। ਇਸ ਤੋਂ ਬਾਅਦ ਗੁਰਦੁਆਰੇ ਨੂੰ ਅੱਗ ਲਗਾ ਦਿੱਤੀ ਗਈ। ਇਸ ਹਿੰਸਾ ਵਿੱਚ ਠਾਕੁਰ ਸਿੰਘ, ਬਾਦਲ ਸਿੰਘ ਅਤੇ ਗੁਰਚਰਨ ਸਿੰਘ ਮਾਰੇ ਗਏ ਸਨ। ਇਸ ਤੋਂ ਬਾਅਦ ਉਸ ਨੇ ਭੀੜ ਨੂੰ ਭੜਕਾਇਆ ਅਤੇ ਕਿਹਾ, ਸਿੱਖਾਂ ਨੂੰ ਮਾਰੋ, ਉਨ੍ਹਾਂ ਨੇ ਸਾਡੀ ਮਾਂ ਨੂੰ ਮਾਰਿਆ ਹੈ।
ਸਿੱਖ ਕਤਲੇਆਮ ਮਾਮਲੇ ਵਿੱਚ ਸੀਬੀਆਈ ਟਾਈਟਲਰ ਨੂੰ ਤਿੰਨ ਵਾਰ ਕਲੀਨ ਚਿੱਟ ਦੇ ਚੁੱਕੀ ਹੈ। ਪਹਿਲੀ ਕਲੀਨ ਚਿੱਟ 2007 ਵਿੱਚ ਦਿੱਤੀ ਗਈ ਸੀ, ਪਰ ਅਦਾਲਤ ਨੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਮੁੜ ਜਾਂਚ ਦੇ ਹੁਕਮ ਦਿੱਤੇ। ਇਸ ਤੋਂ ਬਾਅਦ 2013 ਵਿੱਚ ਸੀ.ਬੀ.ਆਈ ਨੇ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਟਾਈਟਲਰ ਨੂੰ ਮੁੜ ਕਲੀਨ ਚਿੱਟ ਦੇ ਦਿੱਤੀ। ਅਖੀਰ ਦਸੰਬਰ 2015 ਵਿੱਚ ਅਦਾਲਤ ਨੇ ਸੀ.ਬੀ.ਆਈ. ਨੂੰ ਮਾਮਲੇ ਦੀ ਹੋਰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ ਅਤੇ ਕਿਹਾ ਸੀ ਕਿ ਉਹ ਹਰ ਦੋ ਮਹੀਨੇ ਬਾਅਦ ਜਾਂਚ ਦੀ ਨਿਗਰਾਨੀ ਕਰੇਗੀ ਤਾਂ ਜੋ ਹਰ ਪਹਿਲੂ ਦੀ ਜਾਂਚ ਯਕੀਨੀ ਬਣਾਈ ਜਾ ਸਕੇ।
ਅਦਾਲਤ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਸੀ.ਬੀ.ਆਈ. ਨੂੰ ਉਨ੍ਹਾਂ ਸਾਰੇ ਗਵਾਹਾਂ ਦੇ ਬਿਆਨ ਦਰਜ ਕਰਨੇ ਚਾਹੀਦੇ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਚਸ਼ਮਦੀਦ ਗਵਾਹ ਦੱਸਿਆ ਅਤੇ ਟਾਈਟਲਰ ਨੂੰ ਦੰਗਾ ਭੜਕਾਉਂਦੇ ਦੇਖਿਆ। ਜਿਨ੍ਹਾਂ ਗਵਾਹਾਂ ਨੇ ਸੀਬੀਆਈ ਕੋਲ ਆਪਣੀ ਗਵਾਹੀ ਦਰਜ ਕਰਵਾਉਣ ਲਈ ਪਹੁੰਚ ਕੀਤੀ ਸੀ, ਉਨ੍ਹਾਂ ਦੇ ਵੀ ਬਿਆਨ ਲਏ ਜਾਣ। ਇਸ ਤੋਂ ਬਾਅਦ ਸੀਬੀਆਈ ਨੇ ਇੱਕ ਹੋਰ ਜਾਂਚ ਕੀਤੀ ਅਤੇ ਚਾਰਜਸ਼ੀਟ ਵਿੱਚ ਟਾਈਟਲਰ ਦਾ ਨਾਮ ਸ਼ਾਮਲ ਕੀਤਾ।
ਜਿਕਰਯੋਗ ਹੈ ਕਿ ਇਸ ਮਾਮਲੇ ਦੀ ਸ਼ਿਕਾਇਤਕਰਤਾ ਮ੍ਰਿਤਕ ਬਾਦਲ ਸਿੰਘ ਦੀ ਪਤਨੀ ਲਖਵਿੰਦਰ ਕੌਰ ਹੈ। ਸੁਣਵਾਈ ਦੌਰਾਨ ਅਦਾਲਤ ਨੇ ਟਾਈਟਲਰ ਦੇ ਵਕੀਲ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਕਾਂਗਰਸੀ ਆਗੂ ਨੂੰ ਫਸਾਉਣ ਲਈ ਤਿੰਨ ਮੁੱਖ ਗਵਾਹਾਂ ਹਰਪਾਲ ਕੌਰ, ਹਰਵਿੰਦਰਜੀਤ ਸਿੰਘ ਅਤੇ ਅਬਦੁਲ ਵਾਹਿਦ ਨੇ ਦਹਾਕਿਆਂ ਬਾਅਦ ਗਵਾਹੀ ਦਿੱਤੀ ਸੀ । ਅਦਾਲਤ ਅੰਦਰ ਬੀਬੀ ਨਿਰਪ੍ਰੀਤ ਕੌਰ ਸਮੇਤ ਵਡੀ ਗਿਣਤੀ ਵਿਚ ਕਤਲੇਆਮ ਪੀੜਿਤ ਹਾਜਿਰ ਸਨ । ਚਲ ਰਹੇ ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਨੂੰ ਹੋਵੇਗੀ।